ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਜ਼ਿਲ੍ਹਾ ਸਿਹਤ ਵਿਭਾਗ (ਦਫ਼ਤਰ, ਸਿਵਲ ਸਰਜਨ), ਪਟਿਆਲਾ ਦੇ ਸਹਿਯੋਗ ਨਾਲ “ਨੇਤਰਦਾਨ ਪੰਦਰਵਾੜਾ ਮੁਹਿੰਮ“ ਅਧੀਨ ਵਿਦਿਆਰਥੀਆਂ ਨੂੰ ਅੱਖਾਂ ਦਾਨ ਕਰਨ ਬਾਰੇ ਜਾਗ੍ਰਿਤ ਕਰਨ ਲਈ ਇੱਕ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ। ਸੈਮੀਨਾਰ ਦਾ ਉਦਘਾਟਨ ਕਰਦਿਆਂ ਸਿਵਲ ਸਰਜਨ, ਪਟਿਆਲਾ, ਡਾ. ਰਾਜੀਵ ਭੱਲਾ ਨੇ ਕਿਹਾ ਕਿ ਜੀਊਂਦੇ-ਜੀਅ ਖੂਨਦਾਨ ਕਰਨਾ ਅਤੇ ਮਰਨ ਉਪਰੰਤ ਨੇਤਰਦਾਨ ਕਰਨਾ ਮਨੁੱਖੀ ਭਲਾਈ ਦਾ ਸਭ ਤੋਂ ਉਂਤਮ ਕਾਰਜ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਨੌਜਵਾਨ ਪੀੜ੍ਹੀ ਹੀ ਦੇਸ਼ ਦੀ ਤਕਦੀਰ ਬਦਲ ਸਕਦੀ ਹੈ। ਪੜ੍ਹੇੱਲਿਖੇ ਨੌਜਵਾਨ ਆਮ ਲੋਕਾਂ ਨੂੰ ਵਹਿਮਾਂੱਭਰਮਾਂ ਤੋਂ ਮੁਕਤ ਕਰਕੇ ਮਰਨ ਉਪਰੰਤ ਨੇਤਰਦਾਨ ਕਰਨ ਲਈ ਪ੍ਰੇਰਿਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿਚ ਲਗਭਗ 35 ਲੱਖ ਨੇਤਰਹੀਣ ਵਿਅਕਤੀ ਹਨ, ੧ਜੋ ਕਿ ਦੁਨੀਆਂ ਦੇ ਕੁਲ ਨੇਤਰਹੀਣਾਂ ਦਾ ਪੰਜਵਾਂ ਹਿੱਸਾ ਬਣਦੇ ਹਨ ਤੇ ਦੇਸ਼ ਵਿਚ ਇਕ ਸਾਲ ਦੌਰਾਨ ਸਿਰਫ਼ 35 ਹਜ਼ਾਰ ਵਿਅਕਤੀ ਹੀ ਨੇਤਰਦਾਨ ਕਰਨ ਲਈ ਤਿਆਰ ਹੁੰਦੇ ਹਨ। ਅਹਿਜੀ ਸਥਿਤੀ ਦਾ ਟਾਕਰਾ ਕਰਨ ਲਈ ਵੱਡੀ ਗਿਣਤੀ ਵਿਚ ਲੋਕਾਂ ਨੂੰ ਨੇਤਰਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਨੇਤਰਦਾਨ ਕਰਨ ਦੀ ਸਹੁੰ ਚੁੱਕੀ ਹੈ  ਤਾਂ ਉਸਦੇ ਰਿਸ਼ਤੇਦਾਰਾਂ ਨੂੰ ਉਸਦੀ ਮੌਤ ਦੇ 6 ਘੰਟੇ ਦੇ ਵਿਚ-ਵਿਚ 1919 ਨੰਬਰ ਤੇ ਫੋਨ ਕਰਕੇ ਡਾਕਟਰਾਂ ਨੂੰ ਸੂਚਿਤ ਕਰ ਦੇਣਾ ਚਾਹੀਦਾ ਹੈ।

ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਮਹਿਮਾਨਾਂ ਅਤੇ ਮਾਹਿਰੱਵਕਤਾਵਾਂ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਅੱਖਾਂ ਦੀ ਦ੍ਰਿਸ਼ਟੀ ਤੋਂ ਵਿਹੂਣੇ ਵਿਅਕਤੀਆਂ ਦੇ ਦਰਦ ਅਤੇ ਮੁਸ਼ਕਲਾਂ ਨੂੰ ਮਹਿਸੂਸ ਕਰਕੇ, ਉਨ੍ਹਾਂ ਦੀ ਜ਼ਿੰਦਗੀ ਵਿਚ ਰੌਸ਼ਨੀ ਦੀ ਕਿਰਨ ਬਣਨ ਦਾ ਯਤਨ ਕਰਨ ਅਤੇ ਮੌਤ ਤੋਂ ਬਾਅਦ ਆਪਣੀਆਂ ਅੱਖਾਂ ਦਾਨ ਕਰਨ ਦਾ ਪ੍ਰਣ ਕਰਨ। ਡਾ. ਖੁਸ਼ਵਿੰਦਰ ਕੁਮਾਰ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਬਹੁਤ ਪਹਿਲਾਂ ਹੀ ਡੀ.ਐਮ.ਸੀ., ਲੁਧਿਆਣਾ ਵਿਖੇ ਨੇਤਰਦਾਨ ਕਰਨ ਦਾ ਹਲਫ਼ ਲਿਆ ਹੋਇਆ ਹੈ।
ਇਸ ਅਵਸਰ ਤੇ ਡਾ. ਹਰੀਸ਼ ਮਲਹੋਤਰਾ, ਸਹਾਇਕ ਸਿਵਲ ਸਰਜਨ, ਪਟਿਆਲਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਘਰਾਂ ਵਿਚ ਅਤੇ ਆਂਢ-ਗੁਆਂਢ ਵਿਚ ਨੇਤਰਦਾਨ ਬਾਰੇ ਪ੍ਰਚਲਿਤ ਲੋਕਾਂ ਵਿਚਲੇ ਭਰਮ ਭੁਲੇਖੇ ਦੂਰ ਕਰਕੇ ਉਨ੍ਹਾਂ ਨੂੰ ਨੇਤਰਦਾਨ ਵਰਗੇ ਪਵਿੱਤਰ ਕਾਰਜ ਲਈ ਪ੍ਰੇਰਿਤ ਕਰਨ। ਅਜਿਹਾ ਕਰਨਾ ਤੰਦਰੁਸਤ ਸਮਾਜ ਦੇ ਨਿਰਮਾਣ ਲਈ ਵੱਡੀ ਲੋੜ ਹੈ।
ਇਸ ਅਵਸਰ ਤੇ ਅੱਖਾਂ ਦੀ ਮਾਹਿਰ ਡਾਕਟਰ ਮਨਪ੍ਰੀਤ ਵਾਲੀਆ ਨੇ ਵੀ ਵਿਦਿਆਰਥੀਆਂ ਨੂੰ ਨੇਤਰਦਾਨ ਕਰਨ ਲਈ ਪ੍ਰੇਰਿਤ ਕੀਤਾ। ਸ੍ਰੀ ਹਰਦੀਪ ਰੰਧਾਵਾ ਨੇ ਅੱਖਾਂ ਦੀ ਸਾਂਭ-ਸੰਭਾਲ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਉਨ੍ਹਾਂ ਨੇ ਤਿਉਹਾਰਾਂ ਮੌਕੇ ਰਸਾਇਣਿਕ ਰੰਗਾਂ, ਪਟਾਕਿਆਂ ਅਤੇ ਤੀਰ ਵਰਗੀਆਂ ਨੁਕੀਲੀਆਂ ਵਸਤਾਂ ਤੋਂ ਅੱਖਾਂ ਨੂੰ ਬਚਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਕਿਤਾਬਾਂ ਪੜ੍ਹਨ ਅਤੇ ਕੰਪਿਊਟਰ ਤੇ ਕੰਮ ਕਰਨ ਸਮੇਂ ਘੱਟੋ-ਘੱਟ 14 ਇੰਚ ਦੀ ਦੂਰੀ ਰੱਖਣੀ ਚਾਹੀਦੀ ਹੈ ਅਤੇ ਕੰਮ ਕਰਦਿਆਂ ਅੱਖਾਂ ਨੂੰ ਝਮਕਦੇ ਵੀ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਨੇਤਰਦਾਨ ਲਈ ਲੋਕਾਂ ਨੂੰ ਤਿਆਰ ਕਰਨ ਵਾਸਤੇ ਸਮਾਜਕ ਚੇਤਨਤਾ ਜਗਾਉਣੀ ਬਹੁਤ ਜ਼ਰੂਰੀ ਹੈ। ਸ੍ਰੀ ਕ੍ਰਿਸ਼ਨ ਕੁਮਾਰ, ਜ਼ਿਲ੍ਹਾ ਮਾਸ-ਮੀਡੀਆ ਅਫ਼ਸਰ, ਸਿਹਤ ਵਿਭਾਗ, ਪਟਿਆਲਾ ਅਤੇ ਸ੍ਰੀ ਅਮਰਜੀਤ ਸਿੰਘ ਸੋਹੀ, ਡਿਪਟੀ ਮਾਸ-ਮੀਡੀਆ ਅਫ਼ਸਰ, ਪਟਿਆਲਾ ਨੇ ਇਸ ਮੁਹਿੰਮ ਦੀ ਕਾਮਯਾਬੀ ਲਈ ਅਣਥੱਕ ਮਿਹਨਤ ਕੀਤੀ।
ਇਸ ਸੈਮੀਨਾਰ ਦੌਰਾਨ ਮੰਚ ਦੀ ਕਾਰਵਾਈ ਕਾਲਜ ਦੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਡਾ. ਰਾਜੀਵ ਸ਼ਰਮਾ ਨੇ ਚਲਾਈ ਅਤੇ ਧੰਨਵਾਦ ਦੇ ਸ਼ਬਦ ਪ੍ਰੋ. ਹਰਮੋਹਨ ਸ਼ਰਮਾ ਨੇ ਕਹੇ।
ਡਾ. ਖੁਸ਼ਵਿੰਦਰ ਕੁਮਾਰ
ਪ੍ਰਿੰਸੀਪਲ